ਗੁਰਦਾਸਪੁਰ 23 ਮਈ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ) ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਤਰਲੋਕ ਸਿੰਘ ਖੁੰਡੀ ਦੀ ਪ੍ਰਧਾਨਗੀ ਅਤੇ ਪ੍ਰੇਮ ਸਿੰਘ ਸੁਲਤਾਨਪੁਰ ਅਗਵਾਈ ਹੇਠ ਗੁਰੂ ਨਾਨਕ ਪਾਰਕ ਵਿਖੇ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਕਰਮਚਾਰੀ ਦਲ ਦੇ ਸੀਨੀਅਰ ਆਗੂ ਜਗਦੇਵ ਸਿੰਘ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਕਰਮਚਾਰੀਆਂ ਦੇ ਅਹਿਮ ਮੁੱਦਿਆਂ ਤੇ ਮਸਲਿਆਂ ਤੇ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਉਪਰੋਕਤ ਆਗੂਆਂ ਨੇ ਦੱਸਿਆ ਕਿ ਮਿਤੀ 11-04-25 ਨੂੰ ਬਿਜਲੀ ਮੁਲਾਜ਼ਮਾਂ ਦੇ ਭਖਵੇਂ ਮੰਗਾਂ/ ਮਸਲਿਆਂ ਉੱਪਰ ਵਿਸਥਾਰਿਤ ਮੰਗ ਪੱਤਰ ਸੀ ਐਮ ਡੀ ਪਾਵਰਕਾਮ ਨੂੰ ਸੌਂਪਿਆ ਗਿਆ ਸੀ ਅਤੇ ਮੰਗ ਕੀਤੀ ਗਈ ਸੀ ਕਿ ਜਲਦੀ ਮੀਟਿੰਗ ਪ੍ਰਦਾਨ ਕਰਕੇ ਗੱਲਬਾਤ ਰਾਹੀਂ ਮਸਲੇ ਹੱਲ ਕੀਤੇ ਜਾਣ, ਪ੍ਰੰਤੂ ਸੀ ਐਮ ਡੀ ਪਾਵਰਕਾਮ ਵਲੋਂ ਮੀਟਿੰਗ ਦੇ ਕੇ ਮਸਲੇ ਹੱਲ ਕਰਨ ਦੀ ਬਜਾਏ ਖਰੜ ਅਤੇ ਲਾਲੜੂ ਮੰਡਲ ਵਿੱਚ ਨਿੱਜੀਕਰਨ ਲਾਗੂ ਕਰਨ ਦਾ ਫੈਸਲਾ ਕੀਤਾ। ਜੇਕਰ ਬਿਜਲੀ ਨਿਗਮ ਦੀ ਮੈਨੇਜਮੈਂਟ ਵਲੋਂ ਜੱਥੇਬੰਦੀ ਨੂੰ ਭੱਖਦੇ ਮੁਲਾਜ਼ਮ ਮਸਲਿਆਂ/ ਮੰਗ ਪੱਤਰ ਉੱਪਰ 10 ਦਿਨਾਂ ਅੰਦਰ ਮੀਟਿੰਗ ਨਾ ਪ੍ਰਦਾਨ ਕੀਤੀ ਤਾਂ ਪੈਡੀ ਸੀਜ਼ਨ ਦੇ ਪਹਿਲੇ ਦਿਨ ਤੋਂ ਹੀ ਬਿਜਲੀ ਕਾਮਿਆਂ ਵੱਲੋਂ ਵਰਕ ਟੂ ਰੂਲ ਦਾ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ 15.5.25 ਨੂੰ ਜੋਆਇੰਟ ਫੋਰਮ ਦੇ ਸੱਦੇ ਤੇ ਵੱਖ ਵੱਖ ਸਬ ਡਿਵੀਜ਼ਨ ਅੰਦਰ ਜਾਗਰੂਕ ਰੈਲੀਆਂ ਵੀ ਕੀਤੀਆਂ ਜਾ ਚੁੱਕੀਆਂ ਹਨ। ਇਸ ਮੌਕੇ ਬਲਕਾਰ ਸਿੰਘ, ਬਲਵੰਤ ਸਿੰਘ ਝੌਰ, ਰਵਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਪਿੰਦਰ ਸਿੰਘ, ਰਕੇਸ਼ ਕੁਮਾਰ, ਚੈਚਲ ਸਿੰਘ ਜ਼ਫਰਵਾਲ, ਸੁਖਦੇਵ ਸਿੰਘ ਜ਼ਫਰਵਾਲ, ਜਗਦੇਵ ਸਿੰਘ, ਜਗਦੀਪ ਸਿੰਘ, ਸੁਲੱਖਣ ਸਿੰਘ, ਤਲਵਿੰਦਰ ਸਿੰਘ ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ।
No comments
Post a Comment